Subscribe Us

ਤਜੁਰਬੇ ਖੇਤੀਬਾੜੀ ਦੇ

ਝੋਨਾ ਲਗਾਉਣ ਵਾਲੀ ਮਸ਼ੀਨ ਵਕਤ ਦੀ ਜਰੂਰਤ


ਝੋਨੇ ਦੀ ਲਵਾਈ ਲਈ ਮਸ਼ੀਨਾ ਦੀ ਵਰਤੋਂ ਸਾਡੀ ਝੋਨੇ ਦੀ ਖੇਤੀ ਦਾ ਜਰੂਰੀ ਅਤੇ ਮਹੱਤਵਪੂਰਨ ਅੰਗ ਬਣਦਾ ਜਾ ਰਿਹਾ ਹੈ। ਝੋਨੇ ਦੀ ਰਵਾਇਤੀ ਤਰੀਕੇ ਨਾਲ ਲਵਾਈ ਲਈ ਜਿਥੇ ਵਧੇਰੇ ਮਜਦੂਰਾਂ ਦੀ ਜਰੂਰਤ ਪੈਂਦੀ ਹੈ, ਉਥੇ ਹੀ ਮਜਦੂਰਾਂ ਦੀ ਕਮੀ ਕਰਕੇ ਕਈਂ ਵਾਰੀ ਝੋਨੇ ਦੀ ਲਵਾਈ ਸਰਕਾਰ ਵੱਲੋਂ ਨਿਰਧਾਰਿਤ ਕੀਤੇ ਗਏ ਸਮੇਂ 20 ਜੂਨ ਤੋ ਵੀ ਲੇਟ ਹੋ ਜਾਂਦੀ ਹੈ। ਇਸ ਤਰਾਂ ਵਧੇਰੇ ਸਮਾਂ ਲੱਗਣ ਕਰਕੇ ਅਤੇ ਉਪਰੰਤ ਝੋਨੇ ਦੀ ਫਸਲ ਲੇਟ ਪੱਕਣ ਕਰਕੇ ਅਗਲੀ ਕਣਕ ਦੀ ਫਸਲ ਦੀ ਬਿਜਾਈ ਵੀ ਲੇਟ ਹੋ ਸਕਦੀ ਹੈ।ਝੋਨੇ ਦੀ ਲਵਾਈ ਮਸ਼ੀਨ ਨਾਲ ਕਰਨ ਨਾਲ ਝੋਨੇ ਦੀ ਲਵਾਈ ਜਲਦੀ ਨਿੱਬੜ ਸਕਦੀ ਹੈ ਅਤੇ ਉਪਰੰਤ ਝੋਨੇ ਦੀ ਪਰਾਲੀ ਦੀ ਸੁੱਚਜੀ ਸੰਭਾਲ ਤੋਂ ਬਾਅਦ ਕਣਕ ਦੀ ਬਿਜਾਈ ਸਮੇਂ ਸਿਰ ਕੀਤੀ ਜਾ ਸਕਦੀ ਹੈ।ਇੱਕ ਦਿਨ 'ਚ ਵੱਖ-ਵੱਖ ਤਰਾਂ ਦੀਆਂ ਮਸ਼ੀਨਾ ਨਾਲ 2-3 ਮਜਦੂਰ 4-8 ਝੋਨੇ ਦੇ ਖੇਤ ਸਹਿਜੇ ਹੀ ਲਗਾਅ ਸਕਦੇ ਹਨ।ਝੋਨੇ ਦੀ ਮਸ਼ੀਨ ਨਾਲ ਲਵਾਈ ਦੀ ਕਾਮਯਾਬੀ ਲਈ ਝੋਨੇ ਦੀ ਪਨੀਰੀ ਦੀ ਬਿਜਾਈ ਅਤੇ ਸਾਂਭ ਸੰਭਾਲ ਅਹਿਮ ਹੁੰਦੀ ਹੈ।ਮਸ਼ੀਨਾ ਰਾਂਹੀ ਝੋਨੇ ਦੀ ਲਵਾਈ ਲਈ ਟਰੇਆਂ ਜਾਂ ਫਰੇਮਾਂ ਰਾਂਹੀ ਮੇਟ ਟਾਈਪ ਪਨੀਰੀ ਬੀਜੀ ਜਾਂਦੀ ਹੈ, ਇਹ ਟਰੇਆਂ ਜਾਂ ਫਰੇਮ ਵੱਖ-ਵੱਖ ਸਾਇਜ਼ ਦੇ ਹੁੰਦੇ ਹਨ ਅਤੇ ਮਸ਼ੀਨ ਦੇ ਨਾਲ ਹੀ ਉਪਲਬੱਧ ਹੁੰਦੇ ਹਨ।

ਝੋਨੇ ਦੀ ਲਵਾਈ ਲਈ ਆਮ ਤੋਰ ਤੇ ਜੋ ਪ੍ਰਚਲਿਤ ਮਸ਼ੀਨਾ ਹਨ, ਉਹਨਾਂ 'ਚ  ਇੰਜਣ ਨਾਲ ਚੱਲਣ ਵਾਲੀਆਂ ਮਸ਼ੀਨਾ ਅਤੇ ਸੈਲਫ ਪਰੋਪੇਲਡ ਮਸ਼ੀਨਾ ਹਨ।ਇਹਨਾਂ ਵੱਖ-ਵੱਖ ਮਸ਼ੀਨਾ ਲਈ ਫਰੇਮਾਂ ਦਾ ਸਾਇਜ਼ ਵੀ ਵੱਖ-ਵੱਖ ਹੁੰਦਾ ਹੈ।ਇਹਨਾਂ ਫਰੇਮਾਂ ਨੁੰ 50-60 ਗੇਜ ਦੀ ਪੋਲੀਥੀਨ ਸ਼ੀਟ ਜੋ ਕਿ 90 ਸੈਂਟੀਮੀਟਰ ਚੌੜੀ ਹੋਵੇ ਉਪਰ ਟਿਕਾਅ ਕਿ 2 ਸੈਂਟੀਮੀਟਰ ਰੂੜੀ ਮਿਲਿਆ ਰੋੜੇ ਜਾਂ ਪੱਥਰ ਤੋਂ ਰਹਿਤ ਮਿੱਟੀ ਦਾ ਮਿਕਸਚਰ ਪਾ ਕਿ ਝੋਨੇ ਦਾ ਪੁੰਗਰਿਆ ਬੀਜ ਬੀਜਿਆ ਜਾਂਦਾ ਹੈ।ਤਕਰੀਬਨ 200 ਮੇਟਾਂ ਲਈ  ਲਗਭਗ 10-12 ਕਿਲੋ ਬੀਜ ਇੱਕ ਏਕੜ ਦੀ ਝੋਨੇ ਦੀ ਲਵਾਈ ਵਾਸਤੇ ਕਾਫੀ ਹੁੰਦਾ ਹੈ। ਮੇਟ ਟਾਈਪ ਪਨੀਰੀ ਬੀਜਣ ਲਈ ਥਾਂ ਦੀ ਚੋਣ ਖਾਸੀ ਮਹੱਤਤਾ ਰੱਖਦੀ ਹੈ ਕਿਉਂਕਿ ਪਾਣੀ ਦੇ ਸੋਮੇਂ ਤੋਂ 20 ਮੀਟਰ ਦੇ 'ਚ ਮੇਟ ਟਾਇਪ ਝੋਨੇ ਦੀ ਪਨੀਰੀ ਬੀਜਣ ਦੀ ਸਿਫਾਰਿਸ਼ ਕੀਤੀ ਜਾਦੀ ਹੈ, ਕਿਉਕਿ ਤੇਜ਼ ਧੁੱਪ ਕਰਕੇ ਅਤੇ ਸਿਰਫ 2 ਸੈਂਟੀਮੀਟਰ ਮੋਟੀ ਮਿੱਟੀ ਦੀ ਮੋਟਾਈ ਵਾਲੇ ਮੇਟ ਉੱਪਰ ਬੀਜੀ ਗਈ ਝੋਨੇ ਦੀ ਪੌਦ ਨੂੰ ਵਾਰ-ਵਾਰ ਪਾਣੀ ਦੇਣ ਦੀ ਜਰੂਰਤ ਪੈਂਦੀ ਹੈ।ਕਈਂ ਵਾਰੀ ਇਸ ਬਾਰੇ ਧਿਆਨ ਨਾ ਦੇਣ ਕਰਕੇ ਜਾ ਅਣਗਹਿਲੀ ਕਰਕੇ ਅਤੇ ਤੇਜ ਧੁੱਪ ਕਾਰਨ ਝੋਨੇ ਦੀ ਪਨੀਰੀ ਦੇ ਸੜਨ ਦਾ ਖਤਰਾ ਬਣਿਆ ਰਹਿੰਦਾ ਹੈ। ਇਸੇ ਕਰਕੇ ਖੇਤੀਬਾੜੀ ਮਾਹਿਰਾਂ ਦਾ ਕਹਿਣਾ ਹੈ ਕਿ ਝੋਨੇ ਦੀ ਮਸ਼ੀਨ ਨਾਲ ਲਵਾਈ 'ਚ ਕਾਮਯਾਬੀ ਦੀ ਅਹਿਮ ਕੜੀ ਵੱਜੋਂ ਪਨੀਰੀ ਨੂੰ ਸਫਲਤਾ ਪੂਰਵਕ ਪ੍ਰਵਾਨ ਚੜਾਉਣਾ ਹੀ ਹੂੰਦਾ ਹੈ।ਝੋਨੇ ਦੀ ਮਸ਼ੀਨ ਨਾਲ ਲਵਾਈ ਲਈ ਖੇਤਾਂ ਦਾ ਪੱਧਰਾ ਹੋਣਾ ਵੀ ਬੇਹੱਦ ਜਰੂਰੀ ਹੈ, 25-30 ਦਿਨਾਂ ਦੀ ਮੇਟ ਟਾਇਪ ਪਨੀਰੀ ਲੇਜਰ ਲੈਵਲਡ ਅਤੇ ਚੰਗੇ ਕੁੱਦੂ ਕੀਤੇ ਖੇਤ 'ਚ ਮਸ਼ੀਨ ਰਾਹੀਂ ਲਗਾਈ ਜਾ ਸਕਦੀ ਹੈ।ਝੋਨੇ ਦੀ ਮਸ਼ੀਨ ਨਾਲ ਲਵਾਈ ਦੇ ਕੰਮ ਨੂੰ ਸਾਡੇ ਪੇਂਡੂ ਇਲਾਕਿਆਂ 'ਚ ਇੱਕ ਨਵੇਂ ਸਹਾਇਕ ਧੰਦੇ ਵੱਜੋਂ ਵੀ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਮਕਸਦ ਲਈ ਪਿੰਡਾਂ ਜਾਂ ਕਸਬਿਆਂ 'ਚ ਅਜਿਹੇ ਉਦੱਮੀ ਨੌਜਵਾਨਾ ਲਈ ਕੰਮ ਦੇ ਸੁਨਹਿਰੀ ਮੌਕੇ ਹਨ, ਜੋ ਖੇਤੀ ਤੋਂ ਵਧੇਰੇ ਆਮਦਨ ਲੈਣ ਦੇ ਇੱਛੁੱਕ ਹਨ। ਮੇਟ ਟਾਇਪ ਪਨੀਰੀ ਬੀਜਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਸਿਖਲਾਈ ਪ੍ਰਾਪਤ ਕਰਨ ਉਪਰੰਤ ਕੀਤੀ ਜਾ ਸਕਦੀ ਹੈ।ਅਜਿਹੇ ਉੱਦਮੀ ਕਿਸਾਨ ਝੋਨਾ ਲਾਉਣ ਵਾਲੀ ਮਸ਼ੀਨ ਪ੍ਰਾਪਤ ਕਰਦੇ ਹੋਏ ਅਤੇ ਨਾਲ ਹੀ ਮੇਟ ਟਾਇਪ ਪਨੀਰੀ ਖੁਦ ਪੈਦਾ ਕਰਕੇ ਇਲਾਕੇ ਦੇ ਕਿਸਾਨਾ ਨੂੰ ਪਨੀਰੀ ਦੇ ਨਾਲ-ਨਾਲ ਖੇਤਾਂ 'ਚ ਮਸ਼ੀਨ ਰਾਂਹੀ ਲਵਾਈ ਦੀ ਸੇਵਾ ਪ੍ਰਦਾਨ ਕਰਦੇ ਹੋਏ ਜਿਥੇ ਇਲਾਕੇ 'ਚ ਝੋਨੇ ਦੀ ਲਵਾਈ 'ਚ ਸ਼ਲਾਘਾਯੋਗ ਕੰਮ ਦਾ ਆਰੰਭ ਕਰ ਸਕਦੇ ਹਨ। ਉਥੇ ਨਾਲ ਹੀ ਚੋਖਾ ਮੁਨਾਫਾ ਹਾਸਿਲ ਵੀ ਕਰ ਸਕਦੇ ਹਨ ਭਾਵ ਕਿ ਨਾਲੇ “ਪੁੰਨ ਅਤੇ ਨਾਲੇ ਫਲੀਆਂ“ ਵਾਲੀ ਗੱਲ ਸੱਚ ਕਰ ਸਕਦੇ ਹਨ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਮੇਂ ਸਿਰ ਬੀਜੇ ਗਏ ਝੋਨੇ ਲਈ 33 ਬੂਟੇ ਪ੍ਰਤੀ ਵਰਗ ਮੀਟਰ ਲਗਾਉਣ ਦੀ ਸਿਫਾਰਿਸ਼ ਕੀਤੀ ਗਈ ਹੈ। ਇਸ ਝੋਨਾ ਲਗਾਉਣ ਵਾਲੀ ਮਸ਼ੀਨ ਨਾਲ ਖੇਤਾਂ 'ਚ ਬੂਟਿਆਂ ਦੀ ਗਿਣਤੀ ਪੂਰੀ ਹੋ ਸਕਦੀ ਹੈ ਅਤੇ ਨਤੀਜੇ ਵੱਜੋਂ ਝੋਨੇ ਦੇ ਝਾੜ 'ਚ ਵੀ ਵਾਧਾ ਹਾਸਿਲ ਕੀਤਾ ਜਾ ਸਕਦਾ ਹੈ। ਪੰਜਾਬ ਭਰ 'ਚ ਕਈ ਉੱਦਮੀਆਂ ਵਲੋਂ ਮਾਹਿਰਾਂ ਦੀ ਮਦਦ ਨਾਲ ਝੋਨਾ ਲਾਉਣ ਵਾਲੀ ਮਸ਼ੀਨ ਨਾਲ ਸਪ੍ਰੇਅਰ ਦੀ ਅਟੇਚਮੈਂਟ ਲਗਾਅ ਕਿ ਦੋਹਰਾ ਫਾਇਦਾ ਵੀ ਉਠਾਇਆ ਜਾ ਰਿਹਾ ਹੈ। ਇਸ ਤਰਾਂ ਕਰਨ ਨਾਲ ਪੂਰਾ ਸਾਲ ਇਸ ਮਸ਼ੀਨ ਰਾਂਹੀ ਖੇਤੀ ਅਧਾਰਿਤ ਕੰਮ ਕੀਤੇ ਜਾ ਸਕਦੇ ਹਨ। ਸੋ ਕੁੱਲ ਮਿਲਾਅ ਕਿ ਇਹ ਸਪਸ਼ਟ ਹੈ ਕਿ ਝੋਨੇ ਦੀ ਲਵਾਈ ਵਾਸਤੇ ਮਸ਼ੀਨੀਕਰਨ ਸੂਬੇ 'ਚ ਝੋਨੇ ਦੀ ਪੈਦਾਵਾਰ 'ਚ ਇੱਕ ਕ੍ਰਾਤੀਕਾਰੀ ਉੱਦਮ ਸਾਬਿਤ ਹੋ ਸਕਦਾ ਹੈ।
* ਡਾ. ਨਰੇਸ਼ ਕੁਮਾਰ ਗੁਲਾਟੀ
* ਖੇਤੀਬਾੜੀ ਅਫਸਰ (ਬੀਜ)

Post a Comment

0 Comments